ਗੜ੍ਹਦੀਵਾਲਾ, 31 ਜੁਲਾਈ (ਅਦਾਰਾ ਦੋਆਬਾ ਨਿਊਜ਼ ਲਾਈਵ)-ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦਾ ਇੱਕ ਜਥਾ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ ਦੀ ਅਗਵਾਈ ਹੇਠ ਸ਼੍ਰੀ ਖੁਰਾਲਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਕੀਰਤਪੁਰ ਸਾਹਿਬ ਦੇ ਪਵਿੱਤਰ ਗੁਰਧਾਮਾ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਰਵਾਨਗੀ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਸਮੂਹ ਸੰਗਤ ਦੀ ਚੜ੍ਹਦੀ ਕਲਾ, ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਇਸ ਮੌਕੇ ਹਰਪਾਲ ਸਿੰਘ ਭੱਟੀ ਨੇ ਕਿਹਾ ਕਿ ਅਜਿਹੀਆਂ ਧਾਰਮਿਕ ਅਤੇ ਇਤਿਹਾਸਕ ਯਾਤਰਾਵਾਂ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਨ ਗੁਰੂਆਂ ਅਤੇ ਮਹਾਂਪੁਰਖਾਂ ਦੇ ਜੀਵਨ, ਸਿੱਖਿਆਵਾਂ ਅਤੇ ਇਤਿਹਾਸ ਨਾਲ ਜੋੜਦੀਆਂ ਹਨ। ਉਨ੍ਹਾਂ ਕਿਹਾ ਕਿ ਸਮਾਜ ਨੂੰ ਮਹਾਨ ਸ਼ਖ਼ਸੀਅਤਾਂ ਦੇ ਦਰਸਾਏ ਰਸਤੇ 'ਤੇ ਚੱਲਦਿਆਂ ਸਿੱਖਿਆ, ਏਕਤਾ ਅਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਖੁਰਾਲਗੜ੍ਹ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿੱਥੇ ਜਗਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਬਿਤਾਇਆ ਅਤੇ ਇੱਥੇ ਮਨੁੱਖਤਾ, ਸਮਾਨਤਾ ਅਤੇ ਜਾਤ-ਪਾਤ ਰਹਿਤ ਸਮਾਜ ਦਾ ਸੰਦੇਸ਼ ਦਿੱਤਾ। ਇਹ ਧਾਰਮਿਕ ਅਸਥਾਨ ਦੇਸ਼-ਵਿਦੇਸ਼ ਦੀ ਸੰਗਤ ਲਈ ਅਟੁੱਟ ਆਸਥਾ ਦਾ ਕੇਂਦਰ ਹੈ। ਇਸੇ ਤਰ੍ਹਾਂ ਚਰਨ ਛੋਹ ਗੰਗਾ ਉਹ ਪਵਿੱਤਰ ਸਥਾਨ ਹੈ ਜਿੱਥੇ ਮਾਨਤਾ ਅਨੁਸਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਚਰਨ ਪਏ ਸਨ। ਇੱਥੇ ਵਗਦੇ ਪਵਿੱਤਰ ਜਲ ਨੂੰ ਸੰਗਤ ਬਹੁਤ ਹੀ ਸ਼ਰਧਾ ਨਾਲ ਨਮਨ ਕਰਦੀ ਹੈ ਅਤੇ ਇਸ ਸਥਾਨ ਦਾ ਰਵਿਦਾਸੀਆ ਭਾਈਚਾਰੇ ਵਿੱਚ ਵਿਸ਼ੇਸ਼ ਧਾਰਮਿਕ ਅਤੇ ਇਤਿਹਾਸਕ ਮਹੱਤਵ ਹੈ।
ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਉਹ ਦਰਸ਼ਨ ਦੀਦਾਰੇ ਦੌਰਾਨ ਸਰਬੱਤ ਦੇ ਭਲੇ ਲਈ ਅਰਦਾਸ ਕਰਨਗੇ। ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ, ਸਕੱਤਰ ਡਾ. ਬਲਜੀਤ ਸਿੰਘ, ਮੀਤ ਪ੍ਰਧਾਨ ਡਾਕਟਰ ਹਰਦਿੰਦਰ ਦੀਪਕ, ਪ੍ਰੈਸ ਸਕੱਤਰ ਮਹਿੰਦਰ ਕੁਮਾਰ ਮਲਹੋਤਰਾ, ਪ੍ਰੈਸ ਸਕੱਤਰ ਕਰਮ ਸਿੰਘ ਭੱਟੀ, ਸਲਾਹਕਾਰ ਸ਼ਿੰਗਾਰਾ ਸਿੰਘ , ਮੈਂਬਰ ਡਾ. ਗੁਰਨਾਮ ਸਿੰਘ, ਮੈਂਬਰ ਪ੍ਰਭਜੋਤ ਜੋਤ ਗੜ੍ਹਦੀਵਾਲਾ, ਕਮਲ ਕੁਮਾਰ, ਦਵਿੰਦਰ ਸਿੰਘ, ਰਾਜਿੰਦਰ ਸਿੰਘ ਲਾਲੀ, ਕੁਲਦੀਪ ਸਿੰਘ,ਅਵਤਾਰ ਸਿੰਘ ਸਰਹਾਲਾ ਹਾਜਰ ਸਨ।
ਫ਼ੋਟੋ ਕੈਪਸਨ : ਅੰਬੇਡਕਰ ਸੋਸਾਇਟੀ ਗੜ੍ਹਦੀਵਾਲਾ ਦਾ ਜਥਾ ਧਾਰਮਿਕ ਸਥਾਨਾਂ ਲਈ ਰਵਾਨਾ ਹੁੰਦੇ ਹੋਏ