ਗੜ੍ਹਦੀਵਾਲਾ, 21 ਨਵੰਬਰ (ਅਦਾਰਾ ਦੋਆਬਾ ਨਿਊਜ਼ ਲਾਈਵ)-
ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵੱਲੋਂ ਲਗਭਗ ਡੇਢ ਮਹੀਨੇ ਤੋਂ ਕੈਂਪ ਲਗਾ ਕੇ ਸੇਵਾਵਾਂ ਨਿਭਾਈਆਂ ਗਈਆਂ ਜਿਸਨੂੰ ਦੇਖਦੇ ਹੋਏ ਕਸਬਾ ਗੜ੍ਹਦੀਵਾਲਾ ਨਜਦੀਕ ਪੈਂਦੇ ਪਿੰਡ ਕਾਲਰਾ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ ਸਮੇਤ ਸਮੂਹ ਸੋਸਾਇਟੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਸੋਸਾਇਟੀ ਦੀ ਟੀਮ ਵੱਲੋਂ ਲਗਭਗ 24 ਸਾਲਾਂ ਤੋਂ ਕੀਤੇ ਜਾਣ ਵਾਲੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਹੜ੍ਹ ਆਉਣ ਤੋਂ ਪਹਿਲਾਂ ਵੀ ਸੋਸਾਇਟੀ ਵੱਲੋਂ ਬਹੁਤ ਸਾਰੇ ਸਮਾਜ ਸੇਵਾ ਦੇ ਕਾਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸੰਸਥਾ ਵਿਚ ਪੜ੍ਹੇ ਲਿਖੇ ਜਾਗਰੂਕ ਸੋਚ ਦੇ ਵਿਅਕਤੀ ਸ਼ਾਮਿਲ ਹਨ। ਜਿਨ੍ਹਾਂ ਵਿਚ ਡਾਕਟਰ, ਕੈਮਿਸਟ, ਪ੍ਰਿੰਸੀਪਲ, ਲੈਕਚਰਾਰ ਅਧਿਆਪਕ, ਉੱਘੇ ਸਮਾਜ ਸੇਵਕ, ਦੁਕਾਨਦਾਰ, ਵੱਖ ਵੱਖ ਪਿੰਡਾਂ ਦੇ ਅਹੁਦੇਦਾਰ ਨੁਮਾਇੰਦੇ ਆਦਿ ਸ਼ਾਮਿਲ ਹਨ। ਇਸ ਸੰਸਥਾ ਵੱਲੋਂ ਪਹਿਲਾ ਹਲਕਾ ਉੜਮੁੜ ਟਾਂਡਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅਤੇ ਹੁਣ ਹੁਸ਼ਿਆਰਪੁਰ ਦੇ ਨਾਲ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਚ ਵੀ ਸੰਸਥਾ ਨੇ ਵੱਡੇ ਪੱਧਰ ਤੇ ਸੇਵਾਵਾਂ ਨਿਭਾਈਆਂ ਜਿਸਨੂੰ ਦੇਖਦੇ ਹੋਏ ਪਿੰਡ ਕਾਲਰਾ ਵਾਸੀ ਇਸ ਗੱਲ ਦਾ ਫ਼ਕਰ ਮਹਿਸੂਸ ਕਰ ਰਹੇ ਹਨ ਕਿ ਇਸ ਸੰਸਥਾ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ ਉਨ੍ਹਾਂ ਦੇ ਪਿੰਡ ਦੇ ਵਸਨੀਕ ਹਨ। ਇਸ ਮੌਕੇ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਅਰਦਾਸ ਕੀਤੀ ਕਿ ਸਰਵ ਕਲਿਆਣ ਲਈ ਕਾਰਜ ਕਰ ਰਹੀ ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਦੀ ਟੀਮ ਇਸੇ ਤਰ੍ਹਾਂ ਸਫਲਤਾ ਪੂਰਵਕ ਸੇਵਾਵਾਂ ਨਿਭਾਉਂਦੀ ਰਹੇ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ, ਡਾ. ਬਲਜੀਤ ਸਿੰਘ ਖ਼ਾਨਪੁਰ, ਸਰਪੰਚ ਕੁਲਦੀਪ ਕੁਮਾਰ ਮਿੰਟੂ ਪਿੰਡ ਰਾਣਾ ਅਤੇ ਲੈਕਚਰਾਰ ਦਲਜੀਤ ਸਿੰਘ ਨੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵੱਲੋਂ ਲਗਭਗ 35
ਪਿੰਡਾਂ ਵਿੱਚ ਕੈਂਪ ਲਗਾ ਕੇ ਜਿੱਥੇ ਡਾਕਟਰਾਂ ਦੁਆਰਾ ਲੋਕਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। ਉਥੇ ਹੀ ਜਾਨਵਰਾਂ ਦੇ ਡਾਕਟਰ ਦੁਆਰਾ ਪਸ਼ੂਆਂ ਦੀਆਂ ਦਵਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮੱਛਰ ਦਾਨੀਆਂ, ਮੱਛਰ ਭਜਾਉਣ ਲਈ ਕੋਇਲਾਂ ਅਤੇ ਕਰੀਮਾਂ, ਤਰਪਾਲ, ਗੱਦੇ, ਰਾਸ਼ਨ, ਬੱਚਿਆਂ ਦੇ ਡਾਇਪਰ, ਔਰਤਾਂ ਲਈ ਸੈਨਟਰੀ ਪੈਡ, ਚੱਪਲਾਂ, ਪਾਣੀ ਦੀਆਂ ਬੋਤਲਾਂ, ਬਿਸਕੁਟ, ਬ੍ਰੈਡ ਆਦਿ ਕਈ ਪ੍ਰਕਾਰ ਦੀ ਸਮੱਗਰੀ ਵੰਡੀ ਗਈ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਸਨਮਾਨ ਨਾਲ ਸੋਸਾਇਟੀ ਦੀ ਟੀਮ ਦਾ ਉਤਸ਼ਾਹ ਵਧਿਆ ਹੈ ਅਤੇ ਅੱਗੇ ਹੋਰ ਵੀ ਸੇਵਾ ਭਾਵਨਾ ਨਾਲ ਕਾਰਜ ਕਰਨ ਦੀ ਊਰਜਾ ਵਿੱਚ ਵਾਧਾ ਹੋਇਆ ਹੈ। ਜਿਸ ਲਈ ਉਹ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਕੈਂਪ ਲਗਾਉਣ ਦੀ ਲੋੜ ਹੋਵੇਗੀ ਉਥੇ ਇਸੇ ਤਰ੍ਹਾਂ ਹੀ ਹੋਰ ਵੀ ਕੈਂਪ ਲਗਾਏ ਜਾਣਗੇ। ਉਨ੍ਹਾਂ ਇਸ ਭਿਅੰਕਰ ਸਮੇਂ ਵਿੱਚ ਸਹਿਯੋਗ ਦੇਣ ਵਾਲੇ ਦਾਨੀ ਵੀਰਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ, ਵਾਈਸ ਪ੍ਰਧਾਨ ਦਲਜੀਤ ਸਿੰਘ, ਡਾਕਟਰ ਬਲਜੀਤ ਸਿੰਘ, ਕੈਪਸਨ ਦੀਪ ਸਿੰਘ, ਮੋਹਨ ਸਿੰਘ ਧੁੱਗਾ, ਸਰਪੰਚ ਕੁਲਦੀਪ ਕੁਮਾਰ ਮਿੰਟੂ, ਮਲਕੀਤ ਸਿੰਘ, ਡਾ ਮਹਿੰਦਰ ਕੁਮਾਰ ਮਲਹੋਤਰਾ, ਕਰਮਾ ਭੱਟੀ, ਪ੍ਰਭਜੋਤ ਸਿੰਘ, ਡਾ. ਹਰਦਿੰਦਰ ਦੀਪਕ, ਨੰਬਰਦਾਰ ਗੁਰਮੀਤ ਸਿੰਘ, ਗੁਰਦੁਆਰਾ ਮੁੱਖ ਸੇਵਾਦਾਰ ਕਸ਼ਮੀਰ ਸਿੰਘ, ਪਰਮਜੀਤ ਸਿੰਘ ਨਿਕੂ, ਸੰਤੋਖ ਸਿੰਘ, ਰਸਪਾਲ ਸਿੰਘ ਪਾਲਾ, ਪਰਸ਼ੋਤਮ ਸਿੰਘ ਰਾਜਾ, ਸੁੱਚਾ ਸਿੰਘ, ਗਾਇਕ ਧਰਮਪਾਲ ਭੱਟੀ, ਸਤਪਾਲ ਸਿੰਘ, ਬੱਗਾ ਸਿੰਘ, ਸਰਬਜੀਤ ਕੌਰ, ਸਾਬਕਾ ਸਰਪੰਚ ਦਲਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸਨ।
ਫੋਟੋ ਕੈਪਸਨ : ਅੰਬੇਡਕਰ ਸੋਸਾਇਟੀ ਗੜ੍ਹਦੀਵਾਲਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਸਨਮਾਨ ਕਰਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਤੇ ਹੋਰ ਪਿੰਡ ਵਾਸੀ