ਗੜ੍ਹਦੀਵਾਲਾ,22 ਫਰਵਰੀ (ਦੋਆਬਾ ਨਿਊਜ਼ ਲਾਈਵ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਲਜ ਦੇ ਸੰਸਥਾਪਕ ਡਾ. ਐੱਮ. ਐੱਸ. ਰੰਧਾਵਾ ਦੀ ਯਾਦ ਨੂੰ ਸਮਰਪਿਤ ਦਸਵਾਂ ਯਾਦਗਾਰੀ ਵਿਰਾਸਤੀ ਮੇਲਾ ਅੱਜ ਮਿਤੀ 22 ਫ਼ਰਵਰੀ, 2025 ਨੂੰ ਕਰਵਾਇਆ ਗਿਆ। ਕਾਲਜ ਵੱਲੋਂ ਹਰੇਕ ਸਾਲ ਇਸ ਮੇਲੇ ਮੌਕੇ ਕਿਸੇ ਉੱਘੀ ਸਖ਼ਸ਼ੀਅਤ ਦੀ ਸਮਾਜ ਅਤੇ ਸਾਹਿਤ ਪ੍ਰਤੀ ਦੇਣ ਨੂੰ ਦੇਖਦੇ ਹੋਏ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਅਵਾਰਡ ਦਿੱਤਾ ਜਾਂਦਾ ਹੈ। ਇਸ ਸਾਲ ਇਹ ਅਵਾਰਡ ਸ. ਤਰਸੇਮ ਸਿੰਘ ਧੁੱਗਾ (ਸਾਬਕਾ ਪ੍ਰਿੰਸੀਪਲ, ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ) ਨੂੰ ਦਿੱਤਾ ਗਿਆ। ਸ. ਤਰਸੇਮ ਸਿੰਘ ਧੁੱਗਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਡਾ. ਐੱਮ. ਐੱਸ. ਰੰਧਾਵਾ ਵਰਗੀ ਮਹਾਨ ਸ਼ਖਸ਼ੀਅਤ ਦੇ ਜੀਵਨ ਉਦੇਸ਼ਾਂ ਤੋਂ ਪ੍ਰੇਰਨਾ ਲੈ ਕੇ ਜੀਵਨ ਵਿੱਚ ਅੱਗੇ ਵਧਣਾ ਚਾਹੀਦਾ ਹੈ। ਇਸ ਮੌਕੇ ਪ੍ਰੋ. ਬਲਦੇਵ ਸਿੰਘ ਬੱਲੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾ. ਐੱਮ. ਐੱਸ. ਰੰਧਾਵਾ ਇੱਕ ਕੁਸ਼ਲ ਅਫ਼ਸਰ, ਖੇਤੀਬਾੜੀ ਮਾਹਿਰ, ਵਧੀਆ ਲੇਖਕ ਅਤੇ ਵਧੀਆ ਪ੍ਰਬੰਧਕ ਸਨ। ਉਹਨਾਂ ਕਿਹਾ ਕਿ ਉਹਨਾਂ ਦੀ ਯਾਦ ਨੂੰ ਸਮਰਪਿਤ ਮੇਲੇ ਦਾ ਮਨੋਰਥ ਤਾਂ ਹੀ ਸਫ਼ਲ ਸਿੱਧ ਹੋਵੇਗਾ ਜੇਕਰ ਉਨਾਂ ਦੀਆਂ ਪਾਈਆਂ ਪਿਰਤਾਂ ਨੂੰ ਅਗਾਂਹ ਤੋਰਿਆ ਜਾਵੇ। ਇਸ ਮੇਲੇ ਵਿੱਚ ਹਾਊਸ ਆਫ਼ ਲਿਟਰੇਚਰ, ਪੰਜਾਬੀ ਭਵਨ, ਲੁਧਿਆਣਾ ਵੱਲੋਂ ਸਾਹਿਤ, ਸੱਭਿਆਚਾਰ, ਇਤਿਹਾਸ, ਧਾਰਮਿਕ ਪੁਸਤਕਾਂ ਅਤੇ ਹੋਰ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ। ਇਸ ਮੇਲੇ ਵਿੱਚ ਬੇਬੀ ਸ਼ੋ, ਫੈਂਸੀ ਡਰੈੱਸ ਅਤੇ ਹੈਰੀਟੇਜ ਸੰਬੰਧਿਤ ਵੱਖ-ਵੱਖ ਆਈਟਮਾਂ ਜਿਵੇਂ ਮਹਿੰਦੀ, ਇਨੂੰ ਮੇਕਿੰਗ, ਫ਼ੁਲਕਾਰੀ, ਬਾਗ਼, ਨੀਟਿੰਗ ਆਦਿ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਗੀਤ-ਸੰਗੀਤ, ਡਾਂਸ, ਗਤਕੇ ਅਤੇ ਕੋਰੀਓਗ੍ਰਾਫੀ ਦੁਆਰਾ ਦਰਸ਼ਕਾਂ ਦਾ ਮਨੋਰੰਜਨ ਕੀਤਾ। ਕਾਲਜ ਦੇ ਵੱਖ-ਵੱਖ ਵਿਭਾਗਾਂ ਅਤੇ ਵੱਖ-ਵੱਖ ਕੰਪਨੀਆਂ ਦੇ ਪ੍ਡਿਊਸਰਾਂ ਵੱਲੋਂ ਅਨੇਕਾਂ ਚੀਜ਼ਾਂ ਦੀਆਂ ਆਕਰਸ਼ਕ ਸਟਾਲਾਂ ਲਗਾਈਆਂ ਗਈਆਂ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਵੱਲੋਂ ਮੁਕਾਬਲਿਆਂ ਦੀ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ, ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਅਤੇ ਮੇਲੇ ਦੀ ਰੌਣਕ ਨੂੰ ਵਧਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਡਾ. ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿੱਚ ਕਾਲਜ ਦੇ ਦੋ ਹੋਣਹਾਰ ਵਿਦਿਆਰਥੀਆਂ ਨਵਜੋਤ ਸਿੰਘ ਰਾਜੂ (ਬੀ. ਕਾਮ. ਸਮੈਸਟਰ-ਛੇਵਾਂ) ਅਤੇ ਪੂਜਾ ਸ਼ਰਮਾ (ਐੱਮ.ਏ.ਪੋਲੀਟੀਕਲ ਸਾਇੰਸ ਸਮੈਸਟਰ-ਦੂਜਾ) ਨੂੰ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਵਜ਼ੀਫ਼ੇ ਦੇ ਰੂਪ ਵਿੱਚ 5100 -5100 ਰੁਪਏ ਦੇ ਚੈੱਕ ਭੇਂਟ ਕੀਤੇ ਗਏ। ਇਸ ਮੇਲੇ ਵਿੱਚ ਲੱਕੀ ਡਰਾਅ ਵੀ ਕੱਢਿਆ ਗਿਆ। ਮੇਲੇ ਵਿਚ ਓਲਡ ਸਟੂਡੈਂਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਸ. ਫਕੀਰ ਸਿੰਘ ਸਹੋਤਾ, ਸ. ਬਲਬੀਰ ਸਿੰਘ ਰਾਜਨ, ਸ. ਦਲਜੀਤ ਸਿੰਘ, ਡਾ. ਸਤਵਿੰਦਰ ਸਿੰਘ ਢਿੱਲੋਂ (ਸਾਬਕਾ ਪ੍ਰਿੰਸੀਪਲ, ਖ਼ਾਲਸਾ ਕਾਲਜ, ਗੜ੍ਹਦੀਵਾਲਾ), ਸ. ਹਰਦੀਪ ਸਿੰਘ ਢਿੱਲੋਂ, ਪ੍ਰੋ. ਬਲਦੇਵ ਸਿੰਘ ਬੱਲੀ, ਨਵਤੇਜ ਗੜ੍ਹਦੀਵਾਲਾ, ਸੁਰਿੰਦਰ ਸਿੰਘ ਨੇਕੀ, ਵੱਖ-ਵੱਖ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ, ਅਧਿਆਪਕ ਸਾਹਿਬਾਨ ਵਿਦਿਆਰਥੀਆਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਮੇਲੇ ਵਿੱਚ ਸ਼ਿਰਕਤ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਡਾ. ਐੱਮ. ਐੱਸ. ਰੰਧਾਵਾ ਦਸਵਾਂ ਯਾਦਗਰੀ ਵਿਰਾਸਤੀ ਮੇਲਾ ਕਰਵਾਇਆ ਗਿਆ।
byMohinder Kumar Malhotra
-
0