ਹੁਸ਼ਿਆਰਪੁਰ, 17 ਜੂਨ (ਦੋਆਬਾ ਨਿਊਜ਼ ਲਾਈਵ) - ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬੇਗਮਪੁਰਾ ਟਾਈਗਰ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ ਦੀ ਪ੍ਰਧਾਨਗੀ ਹੇਠ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖ਼ੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ ! ਮੀਟਿੰਗ ਵਿੱਚ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ, ਦੋਆਬਾ ਪ੍ਰਧਾਨ ਨੇਕੂ ਅਜਨੋਹਾ, ਤੇ ਬੰਟੀ ਹਰਿਆਣਾ ਪ੍ਰਧਾਨ ਹਲਕਾ ਸ਼ਾਮ ਚੁਰਾਸੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ! ਮੀਟਿੰਗ ਵਿੱਚ ਬੋਲਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਵਰਗਵਾਸੀ ਮਾਸਟਰ ਬੂਟਾ ਸਿੰਘ ਵਾਰੇ ਸਟੇਜ ਤੋਂ ਵਰਤੀ ਗਈ ਭੱਦੀ ਅਤੇ ਜਾਤੀਸੂਚਕ ਸ਼ਬਦਾਵਲੀ ਨੇ ਐਸਸੀ ਸਮਾਜ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ । ਉਹਨਾ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਨੇ ਰਾਜਾ ਵੜਿੰਗ ਵੱਲੋਂ ਮਾਸਟਰ ਬੂਟਾ ਸਿੰਘ ਦੇ ਰੰਗ-ਰੂਪ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਸਮੁੱਚੇ ਐਸ.ਸੀ. (ਅਨੁਸੂਚਿਤ ਜਾਤੀ) ਸਮਾਜ ਦੀ ਤੌਹੀਨ ਕਰਾਰ ਦਿੰਦਿਆਂ ਰਾਜਾ ਵੜਿੰਗ ਖ਼ਿਲਾਫ਼ ਸੰਘਰਸ਼ ਵਿੱਡਿਆ ਜਾਵੇਗਾ । ਉਹਨਾਂ ਕਿਹਾ ਕਿ ਰਾਜਾ ਬੜਿੰਗ ਵੱਲੋਂ ਕੀਤੀ ਗਈ ਸ਼ਰਮਨਾਕ ਬਿਆਨਬਾਜ਼ੀ ਦਾ ਸਵੈ-ਨੋਟਿਸ (Suo Motu) ਲੈਂਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਰਾਜਾ ਵੜਿੰਗ ਨੂੰ ਤਲਬ ਕੀਤਾ ਗਿਆ ਸੀ। ਪਰ ਰਾਜਾ ਵੜਿੰਗ ਲਗਾਤਾਰ ਕਈ ਪੇਸ਼ੀਆਂ ਲੰਘ ਜਾਣ ਦੇ ਬਾਵਜੂਦ ਖੁਦ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਅਤੇ ਆਪਣੇ ਵਕੀਲਾਂ ਨੂੰ ਭੇਜ ਕੇ ਕਾਨੂੰਨ ਨੂੰ ਟਾਲ ਰਿਹਾ ਹੈ । ਉਹਨਾਂ ਕਿਹਾ ਕਿ
, ਰਾਜਾ ਵੜਿੰਗ ਸਟੇਜਾਂ 'ਤੇ ਚੜ੍ਹ ਕੇ ਬੜ੍ਹਕਾਂ ਮਾਰ ਰਿਹਾ ਹੈ ਅਤੇ ਸੰਘ ਪਾੜ ਕੇ ਕਹਿ ਰਿਹਾ ਹੈ ਕਿ "ਨਾ ਮੈਂ ਅੱਜ ਜਾਵਾਂ ਐਸ.ਸੀ. ਕਮਿਸ਼ਨ ਦੇ ਕੋਰਟ ਵਿੱਚ, ਤੇ ਨਾ ਮੈਂ ਕੱਲ ਜਾਵਾਂ, ਚੇਅਰਮੈਨ ਜਸਵੀਰ ਸਿੰਘ ਗੜ੍ਹੀ ਜੋ ਕਰਨਾ ਆ ਕਰ ਲਵੇ। ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਾਜਾ ਵੜਿੰਗ ਵੱਲੋਂ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਇਸ ਕਰਕੇ ਵੰਗਾਰਿਆ ਜਾ ਰਿਹਾ ਹੈ ਕਿਉਂਕਿ ਉਹ ਇੱਕ ਸਵੈਮਾਣੀ ਰਵਿਦਾਸੀਆ ਸਮਾਜ ਨਾਲ ਸਬੰਧ ਰੱਖਦੇ ਹਨ। ਇਹ ਰਾਜਾ ਵੜਿੰਗ ਦੀ ਹੰਕਾਰੀ ਅਤੇ ਐਸ.ਸੀ. ਵਿਰੋਧੀ ਮਾਨਸਿਕਤਾ ਦਾ ਸਬੂਤ ਹੈ। ਪਰ ਉਹ ਇਹ ਨਾ ਭੁੱਲੇ ਕਿ ਸੰਵਿਧਾਨ ਅਤੇ ਕਾਨੂੰਨ ਸਭ ਲਈ ਬਰਾਬਰ ਹੈ, ਉਹਨਾਂ ਕਿਹਾ ਕਿ ਰਾਜਾ ਵੜਿੰਗ ਨੂੰ ਇੱਕ ਨਾ ਇੱਕ ਦਿਨ ਕਮਿਸ਼ਨ ਦੀ ਕਚਹਿਰੀ ਵਿੱਚ ਪੇਸ਼ ਹੋਣਾ ਹੀ ਪਵੇਗਾ। ਫੋਰਸ ਦੇ ਆਗੂਆਂ ਨੇ ਰਾਜਾ ਵੜਿੰਗ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਰਾਜਾ ਵੜਿੰਗ ਦਾ ਜਿੱਥੇ ਵੀ ਕੋਈ ਵੀ ਸਿਆਸੀ ਜਾਂ ਨਿੱਜੀ ਪ੍ਰੋਗਰਾਮ ਹੋਵੇਗਾ, ਉੱਥੇ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਇਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਰਾਜਾ ਵੜਿੰਗ ਆਉਣ ਵਾਲੇ ਸਮੇਂ ਵਿੱਚ ਜਿਸ ਵੀ ਹਲਕੇ ਤੋਂ ਚੋਣ ਲੜੇਗਾ ਐਸਸੀ ਸਮਾਜ ਵਲੋ ਉਸਦਾ ਦਾ ਡੱਟਕੇ ਵਿਰੋਧ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਐਸ.ਸੀ. ਸਮਾਜ ਹੁਣ ਰਾਜਾ ਵੜਿੰਗ ਨੂੰ ਆਪਣੇ ਬੂਹੇ ਦੀ ਦਹਿਲੀਜ਼ 'ਤੇ ਪੈਰ ਨਹੀਂ ਰੱਖਣ ਦੇਵੇਗਾ। ਉਹਨਾਂ ਕਿਹਾ ਕਿ "ਐਸਸੀ ਸਮਾਜ ਦੇ ਰਹਿਬਰਾਂ ਅਤੇ ਮਹਾਪੁਰਸ਼ਾਂ ਦਾ ਅਪਮਾਨ ਕਰਨ ਵਾਲੇ ਕਿਸੇ ਵੀ ਆਗੂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਪਨ ਬਸੀ ਕਲਾ, ਅਨਮੋਲ ਗੋਕਲ ਨਗਰ, ਅਮਨ,ਆਕਾਸ਼ ਸੁੰਦਰ ਨਗਰ, ਰਜੇਸ਼ ਸ਼੍ਰੀ ਗੁਰੂ ਰਵਿਦਾਸ ਨਗਰ, ਅੰਕੁਸ਼ ਨਿਊ ਫਤਿਹਗੜ੍ਹ, ਕੁਲਵੰਤ ਰਿਹਾਣਾ ਕਲਾਂ, ਗੁਰਮੀਤ ਸਿੰਘ ਨਲੋਈਆ, ਰਵੀ ਬੁੱਲੋਵਾਲ, ਲੱਕੀ, ਨਲੋਈਆ, ਗੁਰਮੁਖ ਨਲੋਈਆ ਚੌਂਕ, ਹੈਪੀ ਬਾਗਪੁਰ, ਰਾਮ ਮੂਰਤੀ ਸ਼ੇਰਪੁਰ, ਵੰਸ਼ ਮੁਸਤਾਪੁਰ ਕਪਾਹਟ, ਮੋਨੂੰ ਬਲਵੀਰ ਕਲੋਨੀ, ਬਿੱਲਾ ਬਾਗਪੁਰ, ਗੌਤਮ, ਦੀਪ, ਜੱਸੀ ਬਲਵੀਰ ਕਲੋਨੀ, ਮਨੀ, ਰਵੀ ਸੁੰਦਰ,ਨਿੱਕੂ ਸੁੰਦਰ ਨਗਰ, ਵਿਸ਼ਾਲ ਰਹੀਮਪੁਰ, ਰਾਜਵੀਰ ਚੌਟਾਲਾ, ਅਮਨਦੀਪ ਕੌਂਡਲਾ, ਰੋਹਿਤ ਬੱਧਣ ਨਾਰਾ, ਸੰਦੀਪ, ਗਗਨ ਨਾਰਾ, ਰਾਹੁਲ ਕਲੋਤਾ, ਰਮਨ, ਸੁਖਜਿੰਦਰ, ਰਵਿੰਦਰਾ, ਬਲਵੀਰ ਸਿੰਘ ਆਦਿ ਹਾਜ਼ਰ ਸਨ !