ਪੰਜਾਬ ਪੁਲਿਸ ਵਲੋਂ ਰਣਜੀਤ ਸਿੰਘ ਦਾ ਐਨਕਾਊਂਟਰ ਕਰ ਕੇ ਮੌਤ ਦੇ ਘਾਟ ਉਤਾਰਨਾ ਸ਼ਰੇਆਮ ਧੱਕਾ : ਬੇਗਮਪੁਰਾ ਟਾਈਗਰ ਫੋਰਸ

ਭਾਰਤ ਦਾ ਸੰਵਿਧਾਨ ਇਹ ਨਹੀਂ ਕਹਿੰਦਾ ਕਿ ਜਿਹੜਾ ਕਿਸੇ ਦਾ ਕਤਲ ਕਰੇ ਉਸ ਨੂੰ ਗੋਲ਼ੀ ਮਾਰ ਦਿਓ : ਹੈਪੀ ਫ਼ਤਹਿਗੜ੍ਹ, ਬੰਟੀ ਹਰੀਆਣਾ 

ਹੁਸ਼ਿਆਰਪੁਰ 1,ਮਾਰਚ (ਦੋਆਬਾ ਨਿਊਜ਼ ਲਾਈਵ) - ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਹਿਗੜ੍ਹ ਅਤੇ ਹਲਕਾ ਸ਼ਾਮ ਚੁਰਾਸੀ ਦੇ ਪ੍ਰਧਾਨ ਬੰਟੀ ਹਰੀਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਦਾਸਪੁਰ ਦੇ ਥਾਣਾ ਦੁਰਾਂਗਲਾ ਅਧੀਨ ਆਉਂਦੇ ਪਿੰਡ ਆਦੀਆਂ ਵਿਖੇ ਦੋ ਪੁਲਸ ਕਰਮਚਾਰੀਆਂ ਦੇ ਕਤਲ ਮਾਮਲੇ 'ਚ ਲੋੜੀਂਦੇ ਇਕ ਨੌਜਵਾਨ ਰਣਜੀਤ ਸਿੰਘ ਦਾ ਪੁਲਿਸ ਵੱਲੋਂ ਨਜਾਇਜ਼ ਐਨਕਾਊਂਟਰ ਕਰਨਾ ਸ਼ਰੇਆਮ ਧੱਕਾ ਹੈ ! ਉਹਨਾਂ ਕਿਹਾ ਕਿ ਬੀਤੇ ਦਿਨੀ ਰਣਜੀਤ ਸਿੰਘ ਦੇ ਹੋਏ ਕਤਲ ਦੀ ਜੇਕਰ ਅੱਜ ਆਵਾਜ਼ ਨਾ ਚੁੱਕੀ ਤਾਂ ਅੱਗੇ ਤੋ ਇਹ ਲੀਹ ਪੈ ਜਾਣੀ ਏ । ਉਹਨਾਂ ਕਿਹਾ ਕਿ ਅਗਰ ਰਣਜੀਤ ਸਿੰਘ ਇਸ ਵਾਰਦਾਤ ਵਿੱਚ ਸੀ ਤਾ ਪੁਲਿਸ ਨੂੰ ਉਸ ਦਾ ਕਤਲ ਨਹੀਂ ਕਰਨਾ ਚਾਹੀਦਾ ਸੀ ਸਗੋਂ ਉਸ ਨੂੰ ਕਾਨੂੰਨ ਦੇ ਮੁਤਾਬਿਕ ਸਜ਼ਾ ਦਿਵਾਉਣੀ ਚਾਹੀਦੀ ਸੀ ! ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਇਕੱਤਰ ਹੋ ਕੇ ਲਾਮਬੰਦ ਹੋਈਏ ਤੇ ਰਣਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਈਏ। ਉਹਨਾਂ ਕਿਹਾ ਕਿ ਜੇਕਰ ਰਣਜੀਤ ਸਿੰਘ ਨੇ ਜ਼ੁਰਮ ਕੀਤਾ ਸੀ ਤਾਂ ਅਦਾਲਤਾਂ ਕਿਹੜੇ ਕੰਮ ਨੂੰ ਨੇ? ਕੀ ਸੰਵਿਧਾਨ ਕਹਿੰਦਾ ਕਿ ਜਿਹੜਾ ਕਿਸੇ ਦਾ ਕਤਲ ਕਰੇ ਉਸ ਨੂੰ ਗੋਲ਼ੀ ਮਾਰ ਦਿਓ। ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਦਾ ਜਿੰਨਾ ਮਰਜ਼ੀ ਕਸੂਰ ਹੋਵੇ ਉਸ ਨਾਲ ਅਜਿਹਾ ਵਰਤਾਰਾ ਨਹੀਂ ਕਰਨਾ ਚਾਹੀਦਾ ਬਲਕਿ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਅੱਗੇ ਕਿਹਾ ਕਿ ਉਹ 19 ਸਾਲ ਦਾ ਨੌਜਵਾਨ ਸੀ ਅਤੇ ਇੰਨੀ ਘੱਟ ਉਮਰ ਦਾ ਮੁੰਡਾ ਪੱਕਾ ਮੁਰਜ਼ਮ ਨਹੀਂ ਹੁੰਦਾ ਸਗੋਂ ਉਹ ਭਟਕਿਆ ਹੋਇਆ ਹੁੰਦਾ ਹੈ, ਇਸ ਲਈ ਉਸ ਨੂੰ ਸੁਧਰਨ ਦਾ ਮੌਕਾ ਦਿੰਦੇ ਹੋਏ ਕਾਨੂੰਨ ਅਨੁਸਾਰ ਸਜ਼ਾ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਕਰਮਚਾਰੀਆਂ ਦਾ ਵੀ ਇਸ ਤਰ੍ਹਾਂ ਦੁਨੀਆਂ ਤੋਂ ਚਲੇ ਜਾਣਾ ਵੀ ਬਹੁਤ ਮਾੜੀ ਗੱਲ ਹੈ, ਜੇਕਰ ਰਣਜੀਤ ਸਿੰਘ ਨੇ ਉਹਨਾਂ ਦਾ ਕਤਲ ਕੀਤਾ ਹੈ ਤਾਂ ਉਸ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਦੇਣੀ ਚਾਹੀਦੀ ਸੀ ਨਾ ਕਿ ਇਸ ਤਰ੍ਹਾਂ ਐਨਕਾਊਂਟਰ ਬਣਾ ਕੇ ਗੋਲੀ ਮਾਰ ਕੇ ਮਾਰ ਦੇਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਪੁਲਿਸ ਵਲੋਂ ਆਏ ਦਿਨ ਹੀ ਐਨਕਾਊਂਟਰ ਬਣਾ ਕੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਜੋ ਕਿ ਮਾਨ ਸਰਕਾਰ ਦੇ ਪਤਨ ਦਾ ਕਾਰਨ ਬਣਨਗੇ।

Post a Comment

Previous Post Next Post