ਚੋਣਾ ਸਮੇ ਜਨਤਾ ਨੂੰ ਮੁਫ਼ਤ ਸੁਵਿਧਾਵਾਂ ਦਾ ਲਾਲਚ ਦੇਣਾ ਲੋਕਤਾਂਤਰਿਕ ਪ੍ਰਣਾਲੀ ਲਈ ਬਹੁਤ ਵੱਡੀ ਚੁਣੌਤੀ : ਬੇਗਮਪੁਰਾ ਟਾਈਗਰ ਫੋਰਸ

ਹੁਸ਼ਿਆਰਪੁਰ 22 ਫਰਵਰੀ (ਤਰਸੇਮ ਦੀਵਾਨਾ ) - ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਫੋਰਸ ਦੇ ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਇੱਕ ਜਰੂਰੀ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਬੰਟੀ ਹਰਿਆਣਾ ਬਲਾਕ ਪ੍ਰਧਾਨ ਹਰਿਆਣਾ ਭੁੰਗਾ ਅਤੇ ਬਿੱਟੂ ਸ਼ੇਰਗੜ੍ਹ ਹਲਕਾ ਪ੍ਰਧਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ! ਆਗੂਆਂ ਨੇ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਜਿੱਤਣ ਲਈ ਫਰੀ ਦੀਆਂ ਸੁਵਿਧਾਵਾਂ ਵੰਡਣ ਦੀ ਵੱਧ ਰਹੀ ਪ੍ਰਵਿਰਤੀ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਸੁਪਰੀਮ ਕੋਰਟ ਵੱਲੋਂ ਇਸ ਮਸਲੇ 'ਤੇ ਕੀਤੀ ਗਈ ਸਖ਼ਤ ਟਿੱਪਣੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਵੱਲੋਂ ਸਮੇਂ-ਸਮੇਂ 'ਤੇ ਲੋਕਤਾਂਤਰਿਕ ਮੁੱਲਾਂ ਦੀ ਰੱਖਿਆ ਲਈ ਇਸ ਤਰ੍ਹਾਂ ਦੀਆਂ ਗੰਭੀਰ ਟਿੱਪਣੀਆਂ ਕਰਨਾ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇਕ ਸਕਾਰਾਤਮਕ ਕਦਮ ਹੈ। ਉਹਨਾਂ ਕਿਹਾ ਕਿ ਚੋਣ ਫਾਇਦੇ ਪ੍ਰਾਪਤ ਕਰਨ ਦੇ ਉਦੇਸ਼ ਨਾਲ ਜਨਤਾ ਨੂੰ ਮੁਫ਼ਤ ਸੁਵਿਧਾਵਾਂ ਦਾ ਲਾਲਚ ਦੇਣਾ ਲੋਕਤਾਂਤਰਿਕ ਪ੍ਰਣਾਲੀ ਲਈ ਇਕ ਗੰਭੀਰ ਚੁਣੌਤੀ ਬਣਦਾ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਨੀਤੀਆਂ ਨਾ ਸਿਰਫ਼ ਆਰਥਿਕ ਅਨੁਸ਼ਾਸਨ ਨੂੰ ਕਮਜ਼ੋਰ ਕਰਦੀਆਂ ਹਨ, ਸਗੋਂ ਸਮਾਜ ਵਿੱਚ ਮਿਹਨਤ ਅਤੇ ਸਵੈ-ਨਿਰਭਰਤਾ ਦੀ ਭਾਵਨਾ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਵੀ ਆਪਣੇ ਵਿਚਾਰਾਂ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਦੁਨੀਆ 'ਚ ਅਜਿਹੀਆਂ ਮਿਸਾਲਾਂ ਮੌਜੂਦ ਹਨ ਕਿ ਜਿਸ ਸਮਾਜ ਦਾ ਪਤਨ ਕਰਨਾ ਹੋਵੇ, ਉਸ ਨੂੰ ਮੁਫ਼ਤ ਖੈਰਾਤ ਵੰਡਣੀ ਸ਼ੁਰੂ ਕਰ ਦਿਓ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਮੁਫ਼ਤ ਯੋਜਨਾਵਾਂ ਦੇ ਨਾਮ 'ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਪ੍ਰਵਿਰਤੀ ਤੇਜ਼ੀ ਨਾਲ ਵੱਧ ਰਹੀ ਹੈ, ਜੋ ਭਵਿੱਖ ਵਿੱਚ ਦੇਸ਼ ਅਤੇ ਰਾਜਾਂ ਦੀ ਆਰਥਿਕ ਸਥਿਤੀ ਲਈ ਘਾਤਕ ਸਾਬਤ ਹੋ ਸਕਦੀ ਹੈ। ਉਨ੍ਹਾਂ ਪੰਜਾਬ ਦੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਦੇਸ਼ ਵਿੱਚ ਰਾਜਨੀਤਿਕ ਪਾਰਟੀਆਂ ਗਰੀਬ ਜਨਤਾ ਨੂੰ ਮੁਫ਼ਤ ਸੁਵਿਧਾਵਾਂ ਦਾ ਲਾਲਚ ਦੇ ਕੇ ਉਨ੍ਹਾਂ ਦੇ ਵੋਟ ਖਰੀਦਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਕਿਉਂਕਿ ਉਨ੍ਹਾਂ ਕੋਲ ਵੋਟਰਾਂ ਨੂੰ ਦੱਸਣ ਲਈ ਕੋਈ ਠੋਸ ਵਿਕਾਸਾਤਮਕ ਉਪਲਬਧੀ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਤਾਂ ਪਹਿਲਾਂ ਹੀ ਭਾਰੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ, ਇਸ ਲਈ ਫਰੀ ਦੀਆਂ ਸਹੂਲਤਾਂ ਵੰਡਣਾ ਪ੍ਰਦੇਸ਼ ਦੀ ਆਰਥਿਕ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਜੇ ਸਮੇਂ ਰਹਿੰਦਿਆਂ ਇਸ ਪ੍ਰਵਿਰਤੀ 'ਤੇ ਰੋਕ ਨਾ ਲਗਾਈ ਗਈ ਤਾਂ ਆਉਣ ਵਾਲੇ ਸਾਲਾਂ ਵਿੱਚ ਰਾਜ ਦੀ ਵਿੱਤੀ ਸਥਿਤੀ ਹੋਰ ਵੀ ਕਮਜ਼ੋਰ ਹੋ ਸਕਦੀ ਹੈ, ਜਿਸ ਦਾ ਸਿੱਧਾ ਅਸਰ ਆਮ ਜਨਤਾ ਦੇ ਜੀਵਨ ਪੱਧਰ 'ਤੇ ਪਵੇਗਾ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ, ਪਾਰਦਰਸ਼ਤਾ ਅਤੇ ਅਨੁਸ਼ਾਸਨ ਦੇ ਮੁੱਦਿਆਂ ਨੂੰ ਤਰਜੀਹ ਦਿੰਦਿਆਂ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਤਾਂ ਜੋ ਪ੍ਰਦੇਸ਼ ਦਾ ਭਵਿੱਖ ਸੁਰੱਖਿਅਤ ਅਤੇ ਮਜ਼ਬੂਤ ਬਣਾਇਆ ਜਾ ਸਕੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਹਰਿਆਣਾ, ਗੁਰਦੀਪ, ਕੁਲਵੰਤ ਰਿਹਾਣਾ ਕਲਾਂ, ਗੁਰਦੀਪ ਬਲਾਕ ਪ੍ਰਧਾਨ ਮੇਹਟੀਆਣਾ, ਰਵੀ, ਮਨੀ, ਨਿੱਕੂ ਸੁੰਦਰ ਨਗਰ, ਰਾਮ ਮੂਰਤੀ,ਰਾਜੂ,ਰਵੀ ਸੁੰਦਰ ਨਗਰ, ਵਿਪਨ ਬਸੀਕਲਾਂ ਆਦਿ ਹਾਜ਼ਰ ਸਨ !
ਫੋਟੋ ਅਜਮੇਰ ਦੀਵਾਨਾ