ਗੜ੍ਹਦੀਵਾਲਾ, 6 ਸਤੰਬਰ (ਮਹਿੰਦਰ ਮਲਹੋਤਰਾ)-ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪਿੰਡਾਂ ਦੇ ਲੋਕਾਂ ਤੱਕ ਡਾਕਟਰ ਭੀਮ ਰਾਓ ਅੰਬੇਡਕਰ ਸੋਸਾਇਟੀ ਗੜ੍ਹਦੀਵਾਲਾ ਵੱਲੋਂ ਪ੍ਰਧਾਨ ਹਰਪਾਲ ਸਿੰਘ ਭੱਟੀ ਦੀ ਅਗਵਾਈ ਹੇਠ ਸੋਸਾਇਟੀ ਦੇ ਸਹਿਯੋਗ ਨਾਲ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ। ਇਸ ਕੜੀ ਤਹਿਤ 5 ਸਤੰਬਰ ਨੂੰ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਪ੍ਰਿੰਸੀਪਲ ਜਸਪਾਲ ਸਿੰਘ ਵੱਲੋਂ ਵਿਦਿਆਰਥੀਆਂ ਦੇ ਯੋਗਦਾਨ ਸਦਕਾ ਅਤੇ ਸੋਸਾਇਟੀ ਆਗੂਆਂ ਦੇ ਯੋਗਦਾਨ ਨਾਲ ਜ਼ਿਲਾ ਹੁਸ਼ਿਆਰਪੁਰ ਟਾਂਡਾ ਨਾਲ ਲੱਗਦੇ ਪਿੰਡਾਂ ਮਿਆਣੀ ਮੰਡੀ, ਰੜਾ ਤੋਂ ਹੁੰਦੇ ਹੋਏ ਸ਼੍ਰੀ ਹਰਗੋਬਿੰਦ ਪੁਰ ਸਾਹਿਬ ਅਤੇ ਪਾਕਿਸਤਾਨ ਸੀਮਾ ਤੋਂ ਲਗਭਗ ਡੇਢ ਕਿਲੋਮੀਟਰ ਦੀ ਦੂਰੀ ਤੇ ਸਥਿਤ ਜ਼ਿਲਾ ਗੁਰਦਾਸਪੁਰ ਦੇ ਪਿੰਡਾਂ ਛੋਟਾ ਨਸ਼ਹਿਰਾ, ਨਰੰਗਪੁਰ, ਚਿੱਟੀ ਅਤੇ ਫਰੀਦਪੁਰ ਪਿੰਡਾਂ ਵਿੱਚ ਹੜ ਪੀੜਤਾਂ ਲੋਕਾਂ ਅਤੇ ਹੜ ਪੀੜਿਤ ਪਛੂਆਂ ਦੇ ਡਾਕਟਰ ਗੁਰਸਿਮਰਨਜੀਤ ਸਿੰਘ ਵੱਲੋਂ ਚੈੱਕ ਅਪ ਕਰਕੇ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਮਨੁੱਖੀ ਦਵਾਈਆਂ, ਮੱਛਰ ਭਜਾਉਣ ਵਾਲੀਆਂ ਕਰੀਮਾਂ, ਮੱਛਰ ਭਜਾਉਣ ਵਾਲੀਆਂ ਕੋਇਲਾਂ, ਗੱਦੇ, ਤਰਪਾਲ, ਮੱਛਰ ਦਾਨੀਆਂ, ਪਾਣੀ, ਬਿਸਕੁਟ, ਬ੍ਰੈਡ, ਬੱਚਿਆਂ ਦੇ ਡਾਇਪਰ, ਸੇਂਟਰੀ ਪੈਡ, ਮੋਮ ਬੱਤੀਆਂ ਆਦਿ ਲੋੜੀਂਦੀ ਸਮੱਗਰੀ ਭੇਂਟ ਕੀਤੀ ਗਈ। ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ ਵੱਲੋਂ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਪ੍ਰਿੰਸੀਪਲ ਜਸਪਾਲ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਦਿਅਕ ਅਦਾਰੇ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸੁਸਾਇਟੀ ਨੂੰ ਸਹਿਯੋਗ ਦੇਣਾ ਸ਼ਲਾਂਘਾ ਯੋਗ ਹੈ। ਉਨ੍ਹਾ ਕਿਹਾ ਕਿ ਇਸ ਦੌਰਾਨ ਲਗਭਗ 210 ਮਰੀਜਾਂ ਨੂੰ ਦਵਾਈਆਂ ਦਿੱਤੀਆਂ ਗਈਆਂ । ਇਸਦੇ ਨਾਲ ਹੀ ਲਗਭਗ 45 ਪਸ਼ੂਆਂ ਦਾ ਚੈੱਕਅਪ ਕੀਤਾ ਅਤੇ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾ ਕਿਹਾ ਕਿ ਅੱਜ ਜਿਹੜੇ ਹਲਾਤ ਹਨ ਇਨ੍ਹਾਂ ਹਲਾਤਾਂ ਨਾਲ ਰਲ ਮਿਲ ਕੇ ਨਜਿੱਠਿਆ ਜਾ ਸਕਦਾ ਹੈ। ਆਉਣ ਵਾਲੇ ਸਮੇਂ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ ਜਿਸ ਨਾਲ ਇਸਤੋਂ ਵੀ ਵੱਧ ਸਮੱਸਿਆ ਆ ਸਕਦੀ ਹੈ। ਜਿਸ ਲਈ ਹੁਣ ਤੋਂ ਹੀ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਸੋਸਾਇਟੀ ਗੜ੍ਹਦੀਵਾਲਾ ਪਿਛਲੇ 22 ਸਾਲਾਂ ਤੋਂ ਸੇਵਾਵਾਂ ਨਿਭਾਉਂਦੀ ਆ ਰਹੀ ਹੈ ਅਤੇ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ, ਡਾਕਟਰ ਬਲਜੀਤ ਸਿੰਘ, ਮੀਤ ਪ੍ਰਧਾਨ ਲੈਕਚਰਰ ਦਲਜੀਤ ਸਿੰਘ, ਕੈਪਟਨ ਦੀਪ ਸਿੰਘ ਰਘਵਾਲ, ਚੰਦਰ ਸ਼ੇਖਰ ਬੰਟੀ, ਗੁਰਜੀਤ ਸਿੰਘ ਸੌਰਵ ਬਾਹਲਾ, ਪ੍ਰਿੰਸੀਪਲ ਸੁਨੀਲ ਕੁਮਾਰ , ਹਰਦਿੰਦਰ ਦੀਪਕ, ਮਨਸਿਮਰਨਜੀਤ ਸਿੰਘ, ਅਨਮੋਲਜੀਤ ਸਿੰਘ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ : ਹੜ ਪੀੜਿਤ ਪਿੰਡਾਂ ਵਿੱਚ ਲਗਾਏ ਮੈਡੀਕਲ ਕੈਂਪਾਂ ਦਾ ਦ੍ਰਿਸ਼