ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਨੇਚਰ ਫੈਸਟ ਵਿੱਚ ਸ਼ਮੂਲੀਅਤ

ਗੜ੍ਹਦੀਵਾਲਾ 13 ਮਾਰਚ (ਦੋਆਬਾ ਨਿਊਜ਼ ਲਾਈਵ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਸੰਗੀਤ ਵਿਭਾਗ ਅਤੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ  ਹੁਸ਼ਿਆਰਪੁਰ ਵਿਖੇ ਹੋਏ ਨੇਚਰ ਫੈਸਟ ਵਿੱਚ ਸ਼ਮੂਲੀਅਤ ਕੀਤੀ। ਸੈਰ - ਸਪਾਟਾ ਅਤੇ ਸੱਭਿਆਚਾਰਕ ਵਿਭਾਗ, ਪੰਜਾਬ ਵਲੋਂ ਕਰਵਾਏ ਗਏ 'ਨੇਚਰ ਫੈਸਟ - 2025', ਹੁਸ਼ਿਆਰਪੁਰ ਵਿੱਚ ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਵਿਦਿਆਰਥੀਆਂ ਨੇ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕਰਦੇ ਹੋਏ  ਪੰਜਾਬ, ਪੰਜਾਬੀ, ਪੰਜਾਬੀਅਤ ਦੇ ਜਜ਼ਬੇ ਨੂੰ ਦਰਸ਼ਕਾਂ ਨਾਲ ਸਾਂਝਾ ਕੀਤਾ। ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਗੁਰਪਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਦੇ ਸੰਗੀਤ ਵਿਭਾਗ ਅਤੇ ਕੰਪਿਊਟਰ ਵਿਭਾਗ ਦੇ 35 ਵਿਦਿਆਰਥੀਆਂ ਨੇ 'ਨੇਚਰ ਫੈਸਟ - 2025' ਵਿੱਚ ਗੀਤ, ਲੋਕ ਗੀਤ, ਕਾਰਿਓਗ੍ਰਾਫੀ ਅਤੇ ਲੋਕ ਨਾਚ ਵੰਨਗੀਆਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ । ਜਿੱਥੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸੁਰ ਅਤੇ ਤਾਲ ਰਾਹੀਂ ਗੀਤਾਂ, ਲੋਕ ਗੀਤਾਂ, ਕਲੀਆਂ ਅਤੇ ਕਾਰਿਓਗ੍ਰਾਫੀ ਵਿੱਚ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਉੱਥੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਲੋਕ ਨਾਚਾਂ ਰਾਹੀਂ ਦਰਸ਼ਕਾਂ ਦਾ ਮਨ ਮੋਹਿਆ। ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਨੇ ਵਿਦਿਆਰਥੀਆਂ ਦੇ ਕਲਾ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਨੇਚਰ ਫੈਸਟ ਵਿੱਚ ਵਿਦਿਆਰਥੀਆਂ ਨੂੰ ਸ. ਗੁਰਪਿੰਦਰ ਸਿੰਘ, ਮੈਡਮ ਕਮਲਜੀਤ ਕੌਰ ਅਤੇ ਸ਼੍ਰੀ ਰਿਸ਼ਵ ਠਾਕੁਰ ਦੀ ਅਗਵਾਈ ਹੇਠ ਲੈ ਜਾਇਆ ਗਿਆ।  ਪ੍ਰਿੰਸੀਪਲ. ਡਾ. ਜਸਪਾਲ ਸਿੰਘ ਨੇ ਇੰਚਾਰਜ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Post a Comment

Previous Post Next Post