ਯੂਨੀਫਾਈਡ ਪੈਨਸ਼ਨ ਸਕੀਮ ਨੂੰ ਕੇਂਦਰੀ ਮੁਲਾਜ਼ਮਾਂ ਨੇ ਬੁਰੀ ਤਰ੍ਹਾਂ ਨਕਾਰਿਆ

90 ਲੱਖ ਕਰਮਚਾਰੀਆਂ ਵਿੱਚੋਂ ਸਿਰਫ 1 ਲੱਖ 22 ਹਜਾਰ ਨੇ ਹੀ ਦਿੱਤੀ ਸਹਿਮਤੀ  

ਦੇਸ਼ ਦੇ ਕਰਮਚਾਰੀ ਸਿਰਫ ਓ.ਪੀ.ਐਸ ਚਾਹੁੰਦੇ ਹਨ ਇਹ ਇੱਕ ਵਾਰ ਫਿਰ ਸਾਬਤ ਹੋਇਆ - ਪ੍ਰਿੰਸ ਪਲਿਆਲ, ਦਵਿੰਦਰ ਹੁਸ਼ਿਆਰਪੁਰ

ਗੜ੍ਹਦੀਵਾਲਾ,21 ਦਸੰਬਰ (ਮਹਿੰਦਰ ਮਲਹੋਤਰਾ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਗੜਦੀਵਾਲਾ ਅਤੇ ਹੁਸ਼ਿਆਰਪੁਰ ਦੇ ਪ੍ਰਧਾਨ ਦਵਿੰਦਰ ਹੁਸ਼ਿਆਰਪੁਰ ਨੇ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ਯੂਨੀਫਾਈਡ ਪੈਨਸ਼ਨ ਸਕੀਮ ਲਈ ਕੇਂਦਰ ਦੇ 90 ਲੱਖ ਕਰਮਚਾਰੀਆਂ ਵਿੱਚੋਂ ਸਿਰਫ 1ਲੱਖ 22 ਹਜਾਰ ਕਰਮਚਾਰੀਆਂ ਨੇ ਹੀ ਸਹਿਮਤੀ ਦੇ ਕੇ ਇਸ ਸਕੀਮ ਨੂੰ ਇੱਕ ਵਾਰ ਫਿਰ ਤੋਂ ਨਕਾਰਿਆ ਹੈ। ਉਹਨਾਂ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਦੇਸ਼ ਦੇ ਕਰਮਚਾਰੀ ਕੇਵਲ ਪੁਰਾਣੀ ਪੈਨਸ਼ਨ ਹੀ ਚਾਹੁੰਦੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਦੀ ਸਹਿਮਤੀ ਲਈ ਚਾਰ ਵਾਰ ਤਰੀਕ ਅੱਗੇ ਵਧਾਈ ਸੀ, ਫਿਰ ਵੀ ਮੁਲਾਜ਼ਮਾਂ ਨੇ ਸਹਿਮਤੀ ਨਾ ਦੇ ਕੇ ਇਸ ਸਕੀਮ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਬਿਨਾਂ ਦੇਰੀ ਪੁਰਾਣੀ ਪੈਨਸ਼ਨ ਪੂਰੇ ਦੇਸ਼ ਵਿੱਚ ਲਾਗੂ ਕਰੇ। ਉਹਨਾਂ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਸਬੰਧੀ ਪਾਰਲੀਮੈਂਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਦਿੱਤੇ ਬਿਆਨ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ।

Post a Comment

Previous Post Next Post